Punjabi | ਪੰਜਾਬੀ

Pamphlet (PDF) | ਪੈਂਫਲਟ

Pamphlet text (screenreader friendly) | ਪੈਂਫਲੈਟ ਟੈਕਸਟ

ਬੀ ਸੀ ਦੇ ਮੈਂਟਲ ਹੈਲਥ ਐਕਟ ਹੇਠ ਤੁਹਾਡੇ ਹੱਕ: ਜੇ ਤੁਹਾਨੂੰ ਬਿਨਾਂ ਮਰਜ਼ੀ ਵਾਲੇ ਮਰੀਜ਼ ਵਜੋਂ ਸਰਟੀਫਾਇਡ (ਤਸਦੀਕ) ਕੀਤਾ ਜਾਂਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ।

ਬੀ ਸੀ ਦੇ ਮੈਂਟਲ ਹੈਲਥ ਐਕਟ ਹੇਠ ਸਰਟੀਫਾਇਡ ਹੋਣ ਦਾ ਕੀ ਮਤਲਬ ਹੈ?

ਬੀ ਸੀ ਮੈਂਟਲ ਹੈਲਥ ਐਕਟ ਉਹ ਕਾਨੂੰਨ ਹੈ ਜਿਹੜਾ ਉਸ ਸਮੇਂ ਲਈ ਨਿਯਮ ਤੈਅ ਕਰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਉਸ ਦੀ ਮਰਜ਼ੀ ਦੇ ਉਲਟ ਹਸਪਤਾਲ ਵਿਚ ਰੱਖਿਆ ਜਾ ਸਕਦਾ ਹੋਵੇ।

ਇਸ ਕਾਨੂੰਨ ਅਨੁਸਾਰ ਤੁਹਾਨੂੰ ਬਿਨਾਂ ਮਰਜ਼ੀ ਵਾਲੇ ਮਰੀਜ਼ ਸਿਰਫ ਤਾਂ ਹੀ ਸਰਟੀਫਾਇਡ ਕੀਤਾ ਜਾ ਸਕਦਾ ਹੈ ਜੇ ਕਿਸੇ ਡਾਕਟਰ ਨੇ ਤੁਹਾਡੀ ਜਾਂਚ ਕੀਤੀ ਹੋਵੇ ਅਤੇ ਉਹ ਯਕੀਨ ਕਰਦਾ ਹੋਵੇ ਕਿ ਤੁਸੀਂ ਇਹ ਸਾਰੀਆਂ ਚਾਰ ਕਸੌਟੀਆਂ ਪੂਰੀਆਂ ਕਰਦੇ ਹੋ:

  1. ਆਪਣੇ ਆਲੇ-ਦੁਆਲੇ ਦਾ ਹੁੰਗਾਰਾ ਭਰਨ ਅਤੇ ਦੂਜਿਆਂ ਨਾਲ ਸਹਿਯੋਗ ਕਰਨ ਦੀ ਤੁਹਾਡੀ ਸਮਰੱਥਾ ਵਿਚ ਕਿਸੇ ਮਾਨਸਿਕ ਵਿਗਾੜ ਕਰਕੇ ਗੰਭੀਰ ਤੌਰ ‘ਤੇ ਵਿਗਾੜ ਆਇਆ ਹੈ,
  2. ਤੁਹਾਡਾ ਇਲਾਜ ਸਾਇਕਐਟਰਿਕ (ਮਾਨਸਿਕ ਰੋਗਾਂ ਦੇ ਮਾਹਰ) ਵਲੋਂ ਕੀਤੇ ਜਾਣ ਦੀ ਲੋੜ ਹੈ,
  3. ਤੁਹਾਨੂੰ ਸੰਭਾਲ, ਨਿਗਰਾਨੀ ਅਤੇ ਪਾਬੰਦੀ ਦੀ ਲੋੜ ਹੈ:
  • ਤੁਹਾਡੀ ਜਾਂ ਹੋਰਨਾਂ ਦੀ ਰੱਖਿਆ ਕਰਨ ਲਈ, ਜਾਂ
  • ਤੁਹਾਨੂੰ ਮਾਨਸਿਕ ਜਾਂ ਸਰੀਰਕ ਤੌਰ ‘ਤੇ ਕਾਫੀ ਜ਼ਿਆਦਾ ਕਮਜ਼ੋਰ ਹੋਣ ਤੋਂ ਬਚਾਉਣ ਲਈ, ਅਤੇ
  1. ਤੁਹਾਨੂੰ ਤੁਹਾਡੀ ਮਰਜ਼ੀ ਨਾਲ ਮਰੀਜ਼ ਦੇ ਤੌਰ ‘ਤੇ ਦਾਖਲ ਨਹੀਂ ਕੀਤਾ ਜਾ ਸਕਦਾ।

ਜੇ ਤੁਹਾਨੂੰ ਸਰਟੀਫਾਇਡ ਕੀਤਾ ਗਿਆ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਡਰ, ਦੁਬਿਧਾ, ਜਾਂ ਗੁੱਸਾ ਮਹਿਸੂਸ ਕਰਦੇ ਹੋਵੋ, ਖਾਸ ਕਰਕੇ ਜੇ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਤੁਹਾਡੇ ਕਿਹੜੇ ਹੱਕ ਹਨ।

ਜਦੋਂ ਤੁਹਾਨੂੰ ਸਰਟੀਫਾਇਡ ਕੀਤਾ ਜਾਂਦਾ ਹੈ:

  • ਤੁਸੀਂ ਆਪਣੇ ਡਾਕਟਰ ਦੀ ਆਗਿਆ ਤੋਂ ਬਿਨਾਂ ਹਸਪਤਾਲ ਨੂੰ ਛੱਡ ਕੇ ਨਹੀਂ ਜਾ ਸਕਦੇ, ਅਤੇ
  • ਤੁਸੀਂ ਮਾਨਸਿਕ ਇਲਾਜ ਕਰਵਾਉਣ ਤੋਂ, ਜਾਂ ਦਵਾਈਆਂ ਲੈਣ ਤੋਂ ਇਨਕਾਰ ਨਹੀਂ ਕਰ ਸਕਦੇ।

ਪਰ ਤੁਸੀਂ ਅਜੇ ਵੀ ਆਪਣੇ ਇਲਾਜ ਬਾਰੇ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ, ਅਤੇ ਤੁਸੀਂ ਆਪਣੇ ਸਾਰੇ ਹੱਕ ਨਹੀਂ ਗਵਾਉਂਦੇ।

ਮੈਨੂੰ ਹਸਪਤਾਲ ਵਿਚ ਕਿੰਨਾ ਸਮਾਂ ਰਹਿਣਾ ਪਵੇਗਾ?

ਇਹ ਇਸ ਚੀਜ਼ ‘ਤੇ ਨਿਰਭਰ ਕਰਦਾ ਹੈ ਕਿ ਕਿੰਨੇ ਸਰਟੀਫਿਕੇਟ ਮੁਕੰਮਲ ਹੋ ਗਏ ਹਨ। ਇਕ ਸਰਟੀਫਿਕੇਟ ਤੁਹਾਡੇ ਡਾਕਟਰ ਨੂੰ ਤੁਹਾਨੂੰ 48 ਘੰਟਿਆਂ ਤੱਕ ਲਈ ਹਸਪਤਾਲ ਵਿਚ ਰੱਖਣ ਦੀ ਆਗਿਆ ਦਿੰਦਾ ਹੈ। ਜੇ ਦੂਜਾ ਸਰਟੀਫਿਕੇਟ ਮੁਕੰਮਲ ਕੀਤਾ ਗਿਆ ਹੈ ਤਾਂ ਤੁਹਾਨੂੰ 1 ਮਹੀਨੇ ਤੱਕ ਹਸਪਤਾਲ ਵਿਚ ਰਹਿਣਾ ਪੈ ਸਕਦਾ ਹੈ। 

ਜੇ ਕਿਸੇ ਵੀ ਸਮੇਂ ਡਾਕਟਰ ਇਹ ਯਕੀਨ ਕਰੇ ਕਿ ਤੁਸੀਂ ਕਸੌਟੀ ਪੂਰੀ ਨਹੀਂ ਕਰਦੇ ਤਾਂ ਤੁਹਾਨੂੰ ਡੀਸਰਟੀਫਾਇਡ ਕਰ ਦਿੱਤਾ ਜਾਵੇਗਾ।

ਜੇ ਇਕ ਮਹੀਨੇ ਬਾਅਦ ਡਾਕਟਰ ਇਹ ਯਕੀਨ ਕਰੇ ਕਿ ਤੁਸੀਂ ਅਜੇ ਵੀ ਕਸੌਟੀ ਪੂਰੀ ਕਰਦੇ ਹੋ ਤਾਂ ਉਹ ਤੁਹਾਡੀ ਸਰਟੀਫਿਕੇਸ਼ਨ ਨੂੰ ਬਹਾਲ ਰੱਖ ਸਕਦੇ ਹਨ, ਪਹਿਲਾਂ 1 ਮਹੀਨੇ ਲਈ, ਫਿਰ 3 ਮਹੀਨਿਆਂ ਲਈ, ਫਿਰ 6 ਮਹੀਨਿਆਂ ਦੇ ਸਮੇਂ ਲਈ।

ਸਰਟੀਫਿਕੇਸ਼ਨ ਦੇ ਇਨ੍ਹਾਂ ਹਰ ਸਮਿਆਂ ਦੌਰਾਨ, ਤੁਹਾਨੂੰ ਇਹ ਹੱਕ ਹਨ:

  • ਇਹ ਦੱਸੇ ਜਾਣ ਦਾ ਕਿ ਤੁਹਾਡੇ ਕੀ ਹੱਕ ਹਨ,
  • ਕਿਸੇ ਡਾਕਟਰ ਵਲੋਂ ਧਿਆਨ ਨਾਲ ਇਹ ਦੇਖੇ ਜਾਣ ਦਾ ਕਿ ਕੀ ਤੁਸੀਂ ਅਜੇ ਵੀ ਸਰਟੀਫਿਕੇਸ਼ਨ ਲਈ ਕਸੌਟੀ ਪੂਰੀ ਕਰਦੇ ਹੋ,
  • ਰਿਵੀਊ ਪੈਨਲ ਦੀ ਸੁਣਵਾਈ ਕਰਵਾਏ ਜਾਣ ਲਈ ਕਹਿਣ ਦਾ, ਅਤੇ
  • ਕਿਸੇ ਹੋਰ ਡਾਕਟਰ ਦੀ ਰਾਇ ਲਏ ਜਾਣ ਲਈ ਕਹਿਣ ਦਾ।
ਜੇ ਮੈਨੂੰ ਸਰਟੀਫਾਇਡ ਕੀਤਾ ਜਾਂਦਾ ਹੈ ਤਾਂ ਮੇਰੇ ਕਿਹੜੇ ਹੱਕ ਹਨ?
➣ ਤੁਹਾਨੂੰ ਇਹ ਜਾਣਨ ਦਾ ਹੱਕ ਹੈ ਕਿ ਤੁਸੀਂ ਕਿੱਥੇ ਹੋ

ਜੇ ਤੁਹਾਨੂੰ ਹਸਪਤਾਲ ਦਾ ਨਾਂ ਅਤੇ ਐਡਰੈਸ ਜਾਣਨ ਦੀ ਲੋੜ ਹੋਵੇ ਤਾਂ ਕਿਸੇ ਨਰਸ ਤੋਂ ਪੁੱਛੋ।

➣ ਤੁਹਾਨੂੰ ਇਹ ਜਾਣਨ ਦਾ ਹੱਕ ਹੈ ਕਿ ਤੁਹਾਨੂੰ ਸਰਟੀਫਾਇਡ ਕਿਉਂ ਕੀਤਾ ਗਿਆ ਹੈ

ਡਾਕਟਰ ਲਈ ਤੁਹਾਡੇ ਮੈਡੀਕਲ ਸਰਟੀਫਿਕੇਟ (ਫਾਰਮ 4) ਉੱਪਰ ਤੁਹਾਨੂੰ ਹਸਪਤਾਲ ਵਿਚ ਰੱਖੇ ਜਾਣ ਦੇ ਕਾਰਨ ਲਿਖਣਾ ਜ਼ਰੂਰੀ ਹੈ ਜਾਂ, ਜੇ ਤੁਹਾਡੀ ਸਰਟੀਫਿਕੇਸ਼ਨ ਨਵਿਆਈ ਗਈ ਹੈ ਤਾਂ ਤੁਹਾਡੇ ਰੀਨਿਊਅਲ ਸਰਟੀਫਿਕੇਟ ਉੱਪਰ (ਫਾਰਮ 6) ਲਿਖਣਾ ਜ਼ਰੂਰੀ ਹੈ। ਤੁਹਾਨੂੰ ਇਹ ਜਾਣਨ ਦਾ ਹੱਕ ਹੈ ਕਿ ਤੁਹਾਡੇ ਸਰਟੀਫਿਕੇਟ ਉੱਪਰ ਕੀ ਲਿਖਿਆ ਹੈ।

➣ ਤੁਹਾਨੂੰ ਰਿਵੀਊ ਪੈਨਲ ਅੱਗੇ ਸੁਣਵਾਈ ਲਈ ਕਹੇ ਜਾਣ ਦਾ ਹੱਕ ਹੈ

ਜੇ ਤੁਸੀਂ ਤੁਹਾਨੂੰ ਸਰਟੀਫਾਈ ਕੀਤੇ ਜਾਣ ਵਾਲੇ ਡਾਕਟਰ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਸੀਂ ਹਸਪਤਾਲ ਵਿਚ ਆਪਣੀ ਭਰਤੀ ਨੂੰ ਚੁਣੌਤੀ ਦੇ ਸਕਦੇ ਹੋ। ਇਹ ਕਰਨ ਦਾ ਇਕ ਤਰੀਕਾ ਰਿਵੀਊ ਪੈਨਲ ਅੱਗੇ ਸੁਣਵਾਈ ਕਰਨ ਲਈ ਕਹਿਣਾ ਹੈ। ਸੁਣਵਾਈ ਦਾ ਕੋਈ ਖਰਚਾ ਨਹੀਂ ਹੈ।

ਰਿਵੀਊ ਪੈਨਲ ਹਸਪਤਾਲ ਤੋਂ ਆਜ਼ਾਦ ਹੈ ਅਤੇ ਇਸ ਵਿਚ ਇਹ ਵਿਅਕਤੀ ਸ਼ਾਮਲ ਹੋਣਗੇ:  

  • ਇਕ ਵਕੀਲ,
  • ਇਕ ਡਾਕਟਰ ਜੋ ਕਿ ਤੁਹਾਡੇ ਇਲਾਜ ਕਰਨ ਵਾਲੀ ਟੀਮ ਵਿਚ ਨਹੀਂ ਹੈ, ਅਤੇ
  • ਕਮਿਉਨਟੀ ਦਾ ਇਕ ਮੈਂਬਰ।

ਉਹ ਤੁਹਾਡਾ ਕੇਸ ਸੁਣਨਗੇ ਅਤੇ ਇਹ ਫੈਸਲਾ ਕਰਨਗੇ ਕਿ ਕੀ ਤੁਸੀਂ ਹਸਪਤਾਲ ਵਿਚ ਰੱਖੇ ਜਾਣ ਦੀ ਕਸੌਟੀ ਪੂਰੀ ਕਰਦੇ ਹੋ ਜਾਂ ਨਹੀਂ। ਜੇ ਉਹ ਇਹ ਫੈਸਲਾ ਕਰਦੇ ਹਨ ਕਿ ਤੁਸੀਂ ਕਸੌਟੀ ਪੂਰੀ ਨਹੀਂ ਕਰਦੇ ਤਾਂ ਤੁਹਾਨੂੰ ਡੀਸਰਟੀਫਾਇਡ ਕਰ ਦਿੱਤਾ ਜਾਵੇਗਾ। ਜੇ ਉਹ ਇਹ ਫੈਸਲਾ ਕਰਦੇ ਹਨ ਕਿ ਤੁਸੀਂ ਕਸੌਟੀ ਪੂਰੀ ਕਰਦੇ ਹੋ ਤਾਂ ਤੁਹਾਨੂੰ ਹਸਪਤਾਲ ਵਿਚ ਰਹਿਣਾ ਪਵੇਗਾ।

ਰਿਵੀਊ ਪੈਨਲ ਦੀ ਸੁਣਵਾਈ ਲਈ ਅਪਲਾਈ ਕਰਨ ਲਈ, ਫਾਰਮ 7 ਭਰਨ ਵਿਚ ਮਦਦ ਲਈ ਕਿਸੇ ਨਰਸ ਨੂੰ ਪੁੱਛੋ। ਜੇ ਤੁਸੀਂ 1 ਮਹੀਨੇ ਵਾਲੇ ਸਰਟੀਫਿਕੇਸ਼ਨ ਸਮੇਂ ਦੇ ਵਿਚ ਵਿਚ ਹੋ ਤਾਂ ਤੁਹਾਡੀ ਸੁਣਵਾਈ ਤੁਹਾਡੇ ਅਪਲਾਈ ਕਰਨ ਤੋਂ ਲੈ ਕੇ 14 ਦਿਨਾਂ ਦੇ ਵਿਚ ਵਿਚ ਹੋਵੇਗੀ।

ਆਪਣਾ ਕੇਸ ਤਿਆਰ ਕਰਨ ਅਤੇ ਰਿਵੀਊ ਪੈਨਲ ਕੋਲ ਪੇਸ਼ ਕਰਨ ਵਿਚ ਆਪਣੀ ਮਦਦ ਲਈ ਤੁਹਾਨੂੰ ਕਿਸੇ ਹਿਮਾਇਤੀ (ਐਡਵੋਕੇਟ) ਜਾਂ ਵਕੀਲ ਵਲੋਂ ਨੁਮਾਇੰਦਗੀ ਕੀਤੇ ਜਾਣ ਦਾ ਹੱਕ ਹੈ। 

ਤੁਸੀਂ ਆਪਣੀ ਤਰਫੋਂ ਗਵਾਹੀ ਦੇਣ ਲਈ ਗਵਾਹ ਸੱਦ ਸਕਦੇ ਹੋ।

ਤੁਸੀਂ ਰਿਵੀਊ ਪੈਨਲ ਨੂੰ ਇਹ ਪੁੱਛ ਸਕਦੇ ਹੋ ਕਿ ਕੀ ਤੁਸੀਂ ਆਪਣੀ ਮਦਦ ਲਈ ਕਿਸੇ ਨੂੰ ਨਾਲ ਲਿਆ ਸਕਦੇ ਹੋ, ਪਰ ਇਹ ਫੈਸਲਾ ਪੈਨਲ ਦੇ ਪ੍ਰਧਾਨ ਨੇ ਕਰਨਾ ਹੈ ਕਿ ਕੀ ਇਸ ਦੀ ਆਗਿਆ ਦਿੱਤੀ ਜਾਵੇਗੀ ਜਾਂ ਨਹੀਂ।

ਆਪਣੀ ਸੁਣਵਾਈ ਦੀ ਤਾਰੀਕ ਮਿੱਥੇ ਜਾਣ ‘ਤੇ, ਜੇ ਤੁਹਾਨੂੰ ਆਪਣੀ ਨੁਮਾਇੰਦਗੀ ਲਈ ਕੋਈ ਹਿਮਾਇਤੀ ਜਾਂ ਵਕੀਲ ਲੱਭਣ ਵਿਚ ਮਦਦ ਦੀ ਲੋੜ ਹੋਵੇ ਤਾਂ ਮੈਂਟਲ ਹੈਲਥ ਲਾਅ ਪ੍ਰੋਗਰਾਮ ਨੂੰ ਫੋਨ ਕਰੋ:

604-685-3425 ਲੋਅਰ ਮੇਨਲੈਂਡ ਵਿਚ
1-888-685-6222 ਬੀ ਸੀ ਵਿਚ ਹੋਰ ਕਿਤਿਉਂ ਵੀ
ਸਵੇਰ ਦੇ 10 ਵਜੇ ਤੋਂ ਦੁਪਹਿਰ ਦੇ ਬਾਰਾਂ ਵਜੇ ਤੱਕ ਅਤੇ ਬਾਅਦ ਦੁਪਹਿਰ 1:30 ਵਜੇ ਤੋਂ 4:30 ਵਜੇ ਤੱਕ, ਸੋਮਵਾਰ ਤੋਂ ਸ਼ੁਕਰਵਾਰ

➣ ਤੁਹਾਨੂੰ ਕਿਸੇ ਹੋਰ ਡਾਕਟਰ ਦੀ ਰਾਇ ਲੈਣ ਲਈ ਕਹੇ ਜਾਣ ਦਾ ਹੱਕ ਹੈ

ਜੇ ਤੁਸੀਂ ਆਪਣੇ ਸਾਇਕਐਟਰਿਕ ਇਲਾਜ ਨਾਲ ਸਹਿਮਤ ਨਾ ਹੋਵੋ ਤਾਂ ਤੁਸੀਂ ਕਿਸੇ ਹੋਰ ਡਾਕਟਰ ਤੋਂ ਇਕ ਹੋਰ ਰਾਇ ਲਏ ਜਾਣ ਲਈ ਕਹਿ ਸਕਦੇ ਹੋ। ਇਹ ਕਰਨ ਲਈ, ਫਾਰਮ 11 ਭਰਨ ਵਿਚ ਮਦਦ ਲਈ ਕਿਸੇ ਨਰਸ ਨੂੰ ਪੁੱਛੋ।

ਆਪਣੀ ਜਾਂਚ ਕਰਨ ਲਈ ਤੁਸੀਂ ਬੀ ਸੀ ਵਿਚ ਪ੍ਰੈਕਟਿਸ ਕਰਦੇ ਕਿਸੇ ਵੀ ਲਸੰਸਸ਼ੁਦਾ ਡਾਕਟਰ ਦੀ ਚੋਣ ਕਰ ਸਕਦੇ ਹੋ, ਪਰ ਤੁਹਾਨੂੰ ਉਸ ਦੇ ਸਫਰ ਕਰਨ ਦੇ ਖਰਚੇ ਦੇਣੇ ਪੈ ਸਕਦੇ ਹਨ।

ਇਸ ਗੱਲ ਤੋਂ ਜਾਣੂ ਰਹੋ ਕਿ ਕਿਸੇ ਹੋਰ ਡਾਕਟਰ ਦੀ ਰਾਇ ਸਿਰਫ ਰਾਇ ਹੈ, ਅਤੇ ਤੁਹਾਡਾ ਇਲਾਜ ਕਰਨ ਵਾਲੀ ਟੀਮ ਲਈ ਦੂਜੇ ਡਾਕਟਰ ਦੀਆਂ ਸਿਫਾਰਸ਼ਾਂ ਨੂੰ ਮੰਨਣਾ ਜ਼ਰੂਰੀ ਨਹੀਂ ਹੈ।

➣ ਤੁਹਾਨੂੰ ਕਿਸੇ ਵਕੀਲ ਨਾਲ ਗੱਲ ਕਰਨ ਦਾ ਹੱਕ ਹੈ

ਕੋਈ ਵਕੀਲ ਜੱਜ ਨੂੰ ਤੁਹਾਡੇ ਕੇਸ ਦਾ ਰਿਵੀਊ ਕਰਨ ਲਈ ਕਹਿ ਕੇ ਤੁਹਾਡੀ ਸਰਟੀਫਿਕੇਸ਼ਨ ਨੂੰ ਚੁਣੌਤੀ ਦੇ ਸਕਦਾ ਹੈ। ਤੁਹਾਨੂੰ ਵਕੀਲ ਦੀ ਫੀਸ ਅਤੇ ਅਦਾਲਤ ਦੇ ਖਰਚੇ ਦੇਣੇ ਪੈ ਸਕਦੇ ਹਨ।

ਕੋਈ ਵਕੀਲ ਤੁਹਾਨੂੰ ਇਕ ਸਰਟੀਫਾਇਡ ਮਰੀਜ਼ ਵਜੋਂ ਤੁਹਾਡੇ ਹੱਕਾਂ ਬਾਰੇ ਵੀ ਤੁਹਾਨੂੰ ਕਾਨੂੰਨੀ ਸਲਾਹ ਦੇ ਸਕਦਾ ਹੈ। ਜੇ ਤੁਹਾਨੂੰ ਵਕੀਲ ਕਰਨਾ ਵਾਰਾ ਨਾ ਖਾਂਦਾ ਹੋਵੇ ਤਾਂ ਐਕਸੈੱਸ ਪ੍ਰੋ ਬੋਨੋ ਫੋਨ ਉੱਪਰ 30 ਮਿੰਟਾਂ ਦੀ ਮੁਫਤ ਕਾਨੂੰਨੀ ਸਲਾਹ ਦੇ ਸਕਦੀ ਹੈ। ਅਪੌਂਇੰਟਮੈਂਟ ਬਣਾਉਣ ਲਈ ਫੋਨ ਕਰੋ:

604-482-3195 ਐਕਸਟੈਨਸ਼ਨ 1500 ਲੋਅਰ ਮੇਨਲੈਂਡ ਵਿਚ
1-877-762-6664 ਐਕਸਟੈਨਸ਼ਨ 1500 ਬੀ ਸੀ ਵਿਚ ਹੋਰ ਕਿਤਿਉਂ ਵੀ
ਸਵੇਰ ਦੇ 10 ਵਜੇ ਤੋਂ ਬਾਅਦ 4 ਵਜੇ ਤੱਕ, ਸੋਮਵਾਰ ਤੋਂ ਸ਼ੁਕਰਵਾਰ

ਮੇਰੇ ਹਸਪਤਾਲ ਤੋਂ ਜਾਣ ਤੋਂ ਬਾਅਦ ਕੀ ਹੁੰਦਾ ਹੈ?

ਤੁਹਾਡੇ ਨਾਲ ਇਨ੍ਹਾਂ ਵਿੱਚੋਂ ਇਕ ਹੋ ਸਕਦਾ ਹੈ:

  • ਤੁਹਾਨੂੰ ਛੁੱਟੀ ਦਿੱਤੀ ਜਾ ਸਕਦੀ ਹੈ ਅਤੇ ਤੁਸੀਂ ਜਾਣ ਲਈ ਆਜ਼ਾਦ ਹੋਵੋਗੇ, ਜਾਂ
  • ਤੁਹਾਨੂੰ ਲੰਮੇ ਸਮੇਂ ਲਈ ਛੁੱਟੀ ‘ਤੇ ਰੱਖਿਆ ਜਾ ਸਕਦਾ ਹੈ।

ਲੰਮੇ ਸਮੇਂ ਲਈ ਛੁੱਟੀ (ਐਕਸਟੈਂਡਿਡ ਲੀਵ) ‘ਤੇ ਹੋਣ ਦਾ ਮਤਲਬ ਹੈ ਕਿ ਤੁਸੀਂ ਬਾਹਰ ਕਮਿਉਨਟੀ ਵਿਚ ਰਹਿ ਸਕਦੇ ਹੋ, ਪਰ ਤੁਸੀਂ ਅਜੇ ਵੀ ਸਰਟੀਫਾਇਡ ਹੋਵੋਗੇ ਅਤੇ ਤੁਹਾਨੂੰ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ, ਜਿਵੇਂ ਕਿ ਮੈਂਟਲ ਹੈਲਥ ਟੀਮ ਕੋਲ ਜਾਣਾ ਅਤੇ ਮਾਨਸਿਕ ਰੋਗ ਦੇ ਇਲਾਜ ਦੀਆਂ ਦਵਾਈਆਂ ਲੈਣਾ।

ਤੁਹਾਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਤੁਹਾਨੂੰ ਛੁੱਟੀ ਦਿੱਤੀ ਜਾ ਰਹੀ ਹੈ ਜਾਂ ਲੰਮੇ ਸਮੇਂ ਲਈ ਛੁੱਟੀ ‘ਤੇ ਰੱਖਿਆ ਗਿਆ ਹੈ। ਲੰਮੇ ਸਮੇਂ ਲਈ ਛੁੱਟੀ ‘ਤੇ ਹੋਣ ਵੇਲੇ ਤੁਹਾਡੇ ਕੋਲ ਉਹ ਸਾਰੇ ਹੱਕ ਹੁੰਦੇ ਹਨ ਜਿਹੜੇ ਤੁਹਾਡੇ ਕੋਲ ਹਸਪਤਾਲ ਵਿਚ ਹੋਣ ਵੇਲੇ ਸਨ, ਜਿਸ ਵਿਚ ਰਿਵੀਊ ਪੈਨਲ ਦੀ ਸੁਣਵਾਈ ਲਈ ਕਹਿਣ ਦਾ ਹੱਕ ਵੀ ਸ਼ਾਮਲ ਹੈ।

ਜੇ ਮੈਂ ਆਪਣੇ ਇਲਾਜ ਤੋਂ ਖੁਸ਼ ਨਾ ਹੋਵਾਂ ਤਾਂ ਕੀ ਹੋਵੇਗਾ?

ਜੇ ਆਪਣੇ ਇਲਾਜ ਦੇ ਤਰੀਕੇ ਬਾਰੇ ਤੁਹਾਡੀਆਂ ਸ਼ਿਕਾਇਤਾਂ ਹੋਣ ਤਾਂ ਤੁਸੀਂ ਓਮਬਡਜ਼ਪਰਸਨ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ:

1-800-567-3247
PO Box 9039
STN PROV GOVT
Victoria, BC
V8W 9A5
bcombudsperson.ca

ਓਮਬਡਜ਼ਪਰਸਨ ਦਾ ਦਫਤਰ ਇਕ ਆਜ਼ਾਦ ਸੰਸਥਾ ਹੈ ਜਿਹੜੀ ਹਸਪਤਾਲ ਵਰਗੀਆਂ ਪਬਲਿਕ ਸੰਸਥਾਵਾਂ ਦੀ ਪੜਤਾਲ ਕਰਦੀ ਹੈ।

ਮੈਨੂੰ ਆਪਣੇ ਹੱਕਾਂ ਬਾਰੇ ਜ਼ਿਆਦਾ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?

ਫਾਰਮ 13 ਉੱਪਰ ਆਪਣੇ ਹੱਕਾਂ ਬਾਰੇ ਸਾਰਅੰਸ਼ ਪੜ੍ਹੋ। ਕੋਈ ਨਰਸ ਇਸ ਗੱਲ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਉਸ ਫਾਰਮ ‘ਤੇ ਦਸਖਤ ਕਰਨ ਲਈ ਕਹੇਗੀ ਕਿ ਕਿਸੇ ਨੇ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਦੱਸ ਦਿੱਤਾ ਹੈ।

ਜੇ ਤੁਸੀਂ ਚਾਹੁੰਦੇ ਹੋਵੋ ਕਿ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਤੁਹਾਡੇ ਹੱਕਾਂ ਬਾਰੇ ਤੁਹਾਡੀ ਮਦਦ ਕਰੇ ਤਾਂ ਤੁਸੀਂ ਕਿਸੇ ਨਰਸ ਨੂੰ ਕਹਿ ਸਕਦੇ ਹੋ ਕਿ ਉਹ ਉਨ੍ਹਾਂ ਨੂੰ ਹੱਕਾਂ ਬਾਰੇ ਜਾਣਕਾਰੀ ਦੇਵੇ।

ਆਪਣੇ ਹੱਕਾਂ ਬਾਰੇ ਜੇ ਤੁਹਾਡੇ ਮਨ ਵਿਚ ਸਵਾਲ ਹੋਣ ਤਾਂ ਜ਼ਿਆਦਾ ਜਾਣਨ ਲਈ ਕਿਸੇ ਨਰਸ ਜਾਂ ਮੈਂਟਲ ਹੈਲਥ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰੋ।

Wallet card | ਵਾਲਿਟ ਕਾਰਡ

Video | ਵੀਡੀਓ

Punjabi captions are available for our video. | ਪੰਜਾਬੀ ਕੈਪਸ਼ਨ ਸਾਡੀ ਵਿਡੀਓ ਤੇ ਉਪਲਬਧ ਹਨ।